Female Divorce In Pakistan: ਪਾਕਿਸਤਾਨ ‘ਚ ਇੱਕ ਸਰਵੇਖਣ ਤੋਂ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਇੱਥੇ ਹੁਣ ਮਰਦਾਂ ਨਾਲੋਂ ਔਰਤਾਂ ਜ਼ਿਆਦਾ ਤਲਾਕ ਲੈ ਰਹੀਆਂ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਔਰਤਾਂ ਹੁਣ ਵਧੇਰੇ ਸਸ਼ਕਤ ਹੋ ਰਹੀਆਂ ਹਨ। ਵਿਆਹ ਤੋਂ ਬਾਅਦ ਔਰਤਾਂ ਹੁਣ ਆਪਣਾ ਅਪਮਾਨ ਬਰਦਾਸ਼ਤ ਨਹੀਂ ਕਰ ਰਹੀਆਂ ਹਨ।

ਪਾਕਿਸਤਾਨ ‘ਚ ਔਰਤਾਂ ਤਲਾਕ ਲਈ ਅਰਜ਼ੀ ਦਾਇਰ ਨਹੀਂ ਕਰ ਸਕਦੀਆਂ, ਪਰ ਉਹ ਸ਼ਰੀਆ ਕਾਨੂੰਨ ਤਹਿਤ ਪਤੀ ਦੀ ਸਹਿਮਤੀ ਤੋਂ ਬਿਨਾਂ ਵੀ ਵਿਆਹ ਨੂੰ ਤੋੜ ਸਕਦੀਆਂ ਹਨ। ਇਸ ਨੂੰ ‘ਖੁੱਲ੍ਹਾ’ ਕਿਹਾ ਜਾਂਦਾ ਹੈ। ਇਸ ‘ਚ ਫੈਮਿਲੀ ਕੋਰਟ ਵੱਲੋਂ ਵਿਚੋਲਗੀ ਕੀਤੀ ਜਾਂਦੀ ਹੈ।

ਵਧਾਈ ਜਾ ਰਹੀ ਹੈ ਜੱਜਾਂ ਦੀ ਗਿਣਤੀ

ਪਾਕਿਸਤਾਨ ‘ਚ ਮਨੁੱਖੀ ਅਧਿਕਾਰ ਸੁਰੱਖਿਆ ਕੇਂਦਰ ਦੀ ਵਕੀਲ ਅਤਿਕਾ ਹਸਨ ਰਜ਼ਾ ਨੇ ਕਿਹਾ ਕਿ ਹੁਣ ਪਾਕਿਸਤਾਨ ‘ਚ ਫੈਮਿਲੀ ਕੋਰਟਾਂ ਦੀ ਗਿਣਤੀ ਵਧਾਈ ਜਾ ਰਹੀ ਹੈ, ਜਿਸ ‘ਚ ਫੈਮਿਲੀ ਲਾਅ ‘ਖੁਲ੍ਹਾ’ ਵਰਗੇ ਕਾਨੂੰਨਾਂ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫੈਮਿਲੀ ਲਾਅ ਦੇ ਜੱਜਾਂ ਦੀ ਗਿਣਤੀ ਵੀ ਵਧਾਈ ਜਾ ਰਹੀ ਹੈ। ਰਜ਼ਾ ਨੇ ਕਿਹਾ ਕਿ ਔਰਤਾਂ ਹੁਣ ‘ਖੁੱਲ੍ਹਾ’ ਤਹਿਤ ਤਲਾਕ ਮੰਗ ਰਹੀਆਂ ਹਨ।

ਸਰਵੇ ‘ਚ ਹੈਰਾਨੀਜਨਕ ਗੱਲ ਆਈ ਸਾਹਮਣੇ

ਪਾਕਿਸਤਾਨ ‘ਚ ਇੱਕ ਸਰਵੇਖਣ ਦੌਰਾਨ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਇਹ ਪਾਇਆ ਗਿਆ ਕਿ ਪਿਛਲੇ ਇੱਕ ਦਹਾਕੇ ‘ਚ ਪਾਕਿਸਤਾਨ ਵਿੱਚ 58% ਤਲਾਕ ਦੇ ਮਾਮਲਿਆਂ ‘ਚ ਵਾਧਾ ਹੋਇਆ ਹੈ। ਸਰਵੇਖਣ ‘ਚ ਇਹ ਵੀ ਸਾਹਮਣੇ ਆਇਆ ਹੈ ਕਿ 5 ਵਿੱਚੋਂ 2 ਔਰਤਾਂ ਦਾ ਮੰਨਣਾ ਹੈ ਕਿ ਤਲਾਕ ਦਾ ਮੁੱਖ ਕਾਰਨ ਸਹੁਰਿਆਂ ਵੱਲੋਂ ਤੰਗ-ਪ੍ਰੇਸ਼ਾਨ ਕਰਨਾ ਹੈ। ਇਸ ਤੋਂ ਇਲਾਵਾ ਹੋਰ ਕਾਰਨਾਂ ਜਿਵੇਂ ਕਿ ਪਤੀ ਵੱਲੋਂ ਸ਼ੋਸ਼ਣ, ਮਾਨਸਿਕ ਸਿਹਤ ਵਰਗੇ ਵੀ ਕਾਰਨ ਹਨ। ਇਹ ਸਰਵੇਖਣ ਸਾਲ 2019 ‘ਚ ਗੈਲਪ ਅਤੇ ਗਿਲਾਨੀ ਵੱਲੋਂ ਕੀਤਾ ਗਿਆ ਸੀ।

ਨਹੀਂ ਹੈ ਕੋਈ ਸੰਵਿਧਾਨਕ ਏਜੰਸੀ

ਹਾਲਾਂਕਿ ਪਾਕਿਸਤਾਨ ‘ਚ ਤਲਾਕ ਨਾਲ ਸਬੰਧਤ ਮਾਮਲਿਆਂ ਦੀ ਨਿਗਰਾਨੀ ਕਰਨ ਲਈ ਕੋਈ ਕਾਨੂੰਨੀ ਅਤੇ ਸੰਵਿਧਾਨਕ ਏਜੰਸੀ ਨਹੀਂ ਹੈ। ਤਲਾਕ ਦੇ ਨਿਯਮ ਸ਼ਰੀਆ ਜਾਂ ਇਸਲਾਮੀ ਕਾਨੂੰਨ ਵੱਲੋਂ ਤੈਅ ਕੀਤੇ ਗਏ ਹਨ।