ਸ਼ੰਕਰ ਦਾਸ ਦੀ ਰਿਪੋਰਟ
ਹਾਸਲ ਜਾਣਕਾਰੀ ਅਨੁਸਾਰ ਭਾਰਤ ਦੇ ਕੰਟਰੋਲਰ ਅਤੇ ਆਡਿਟ ਜਨਰਲ (ਕੈਗ) ਨੇ 2022 ਦੀ ਰਿਪੋਰਟ ਨੰਬਰ 1 ਵਿੱਚ ਇਹ ਵੱਡਾ ਖੁਲਾਸਾ ਕੀਤਾ ਹੈ। ਕਾਰਗੁਜ਼ਾਰੀ ਆਡਿਟ ਵਿੱਚ ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ, ਮੁਹਾਲੀ ਵਿੱਚ ਪਾਇਆ ਗਿਆ ਕਿ ਦੋ ਡੁਪਲੀਕੇਟ ਲੇਜ਼ਰਾਂ ਜ਼ਰੀਏ 11703 ਅਜਿਹੇ ਵਿਅਕਤੀਆਂ ਨੂੰ ਪੈਨਸ਼ਨ ਦਾ ਲਾਭ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਦੀ ਉਮਰ ਨਿਯਮਾਂ ਅਨੁਸਾਰ 60 ਸਾਲ ਤੋਂ ਘੱਟ ਹੈ।
ਜਨਵਰੀ 2018 ਤੋਂ ਜੁਲਾਈ 2020 ਦੀ ਮਿਆਦ ਲਈ ਖਾਤਿਆਂ ਦੀ ਪੜਤਾਲ ਵਿੱਚ 6 ਜ਼ਿਲ੍ਹਿਆਂ ਵਿੱਚ 8256 ਅਯੋਗ ਲਾਭਪਾਤਰੀ ਪਾਏ ਗਏ ,ਜੋ ਸਮਾਜ ਭਲਾਈ ਸਕੀਮਾਂ ਦਾ ਲਾਭ ਲੈ ਰਹੇ ਸਨ। ਜਦਕਿ ਡਾਇਰੈਕਟ ਬੈਨੀਫਿਟ ਸਕੀਮ ਵਿੱਚ 9.89 ਕਰੋੜ ਦੀ ਰਿਕਵਰੀ ਨਹੀਂ ਕੀਤੀ ਗਈ। 5205 ਪੁਰਸ਼ਾਂ ਨੂੰ ਔਰਤਾਂ ਦੇ ਹਿੱਸੇ ਦਾ ਫੰਡ ਟਰਾਂਸਫਰ ਕੀਤਾ ਗਿਆ। ਮਈ 2017 ਤੋਂ ਨਵੰਬਰ 2017 ਦਰਮਿਆਨ ਵੈਰੀਫਿਕੇਸ਼ਨ ਵਿੱਚ 10,327 ਅਜਿਹੇ ਲੋਕ ਪਾਏ ਗਏ, ਜੋ ਅਯੋਗ ਹੋਣ ਦੇ ਬਾਵਜੂਦ ਪੈਨਸ਼ਨ ਅਤੇ ਹੋਰ ਸਕੀਮਾਂ ਲਈ ਪੈਸੇ ਲੈ ਰਹੇ ਸਨ।
ਦੱਸ ਦੇਈਏ ਕਿ ਸਰਕਾਰਾਂ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਕਮਜ਼ੋਰ ਵਰਗ ਦੇ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਬੁਢਾਪਾ, ਵਿਧਵਾ, ਅੰਗਹੀਣ ਤੇ ਨਿਆਸਰੇ ਆਦਿ ਪੈਨਸ਼ਨਾਂ ਵਿਚ ਬਹੁਤ ਘਪਲੇਬਾਜ਼ੀ ਹੁੰਦੀ ਰਹੀ ਹੈ। ਇਸ ਤੋਂ ਪਹਿਲਾਂ ਜਦੋਂ ਮੌਜੂਦਾ ਸਰਕਾਰ ਵੱਲੋਂ ਇਨ੍ਹਾਂ ਵੱਖ-ਵੱਖ ਪੈਨਸ਼ਨ ਸਕੀਮਾਂ ਦੀ ਸਮੀਖਿਆ ਕਰਵਾਈ ਗਈ ਤਾਂ ਸੂਬੇ ਵਿਚ 1,27,643 ਮਿ੍ਰਤਕਾਂ ਦੇ ਨਾਂ ’ਤੇ ਪੈਨਸ਼ਨਾਂ ਲੈ ਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਉਣ ਵਾਲਿਆਂ ਤੋਂ 28 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ।
ਇਸ ਦੇ ਇਲਾਵਾ ਨਾਜਾਇਜ਼ ਰਾਸ਼ਨ ਕਾਰਡ ਬਣਾ ਕੇ ਗ਼ਰੀਬਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਸਰਦੇ-ਪੁੱਜਦੇ ਘਰਾਂ ਦੇ ਮਾਲਕ ਫ਼ਾਇਦਾ ਉਠਾਉਂਦੇ ਦੇਖੇ ਗਏ ਸੀ। ਕੁਝ ਦਿਨ ਹੋਏ ਹੁਸ਼ਿਆਰਪੁਰ ਸ਼ਹਿਰ ਦੇ ਨਲੋਈਆਂ ਏਰੀਏ ਵਿਚ ਮਰਸਡੀਜ਼ ਕਾਰ ’ਚ ਦੋ ਰੁਪਏ ਕਿੱਲੋ ਵਾਲੀ ਕਣਕ ਲੈਣ ਆਏ ਵਿਅਕਤੀ ਦੀ ਵੀਡੀਓ ਵਾਇਰਲ ਹੋਣ ’ਤੇ ਪੰਜਾਬ ਦਾ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਵਿਭਾਗ ਹਰਕਤ ਵਿਚ ਆਇਆ ਸੀ।
Source link