Breaking News

PUNJAB DAY MELA 27 AUG 2022 11AM TO 7PM

LISTEN LIVE RADIO

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ

ਪਟਿਆਲਾ : ਰਾਸ਼ਟਰਮੰਡਲ ਖੇਡਾਂ ਵਿੱਚੋਂ ਕਾਂਸੀ ਦਾ ਤਗ਼ਮਾ ਜਿੱਤ ਕੇ ਪਰਤੀ ਆਪਣੀ ਵਿਦਿਆਰਥਣ ਵੇਟ ਲਿਫਟਰ  ਹਰਜਿੰਦਰ ਕੌਰ ਨੂੰ ਪੰਜਾਬੀ ਯੂਨੀਵਰਸਿਟੀ ਨੇ  ਨੌਕਰੀ ਦੇਣ ਦਾ ਐਲਾਨ ਕੀਤਾ ਹੈ, ਜਦਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਉਸਨੂੰ ਆਪਣੇ ਅਖ਼ਤਿਆਰੀ ਫੰਡ ਵਿੱਚੋਂ ਪੰਜ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸੇ ਮੌਕੇ ਹਰਜਿੰਦਰ ਕੌਰ ਨੇ ਪੰਜਾਬ ਸਰਕਾਰ ਤੋਂ ਪੰਜਾਬੀ ਯੂਨੀਵਰਸਿਟੀ ਲਈ ਬਿਹਤਰ ਖੇਡ ਸਹੂਲਤਾਂ ਦੀ ਮੰਗ ਵੀ ਕੀਤੀ।

ਨਾਭਾ ਨੇੜਲੇ ਪਿੰਡ ਮੈਹਸ ਦੀ ਵਸਨੀਕ ਹਰਜਿੰਦਰ ਕੌਰ ਯੂਨੀਵਰਸਿਟੀ ਵਿਖੇ ਰੱਖੇ ਗਏ ਆਪਣੇ ਸਨਮਾਨ ਸਮਾਰੋਹ ਵਿੱਚ ਜਦੋਂ ਆਪਣੇ ਮਾਪਿਆਂ ਸਮੇਤ ਪਹੁੰਚੀ ਤਾਂ ਕਲਾ ਭਵਨ ਵਿਖੇ ਹਾਜ਼ਰ ਦਰਸ਼ਕਾਂ ਵੱਲੋਂ ਲੰਬਾ ਸਮਾਂ ਤਾੜੀਆਂ ਵਜਾ ਕੇ ਉਸ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।

ਇਸ ਸਨਮਾਨ ਸਮਾਰੋਹ ਵਿੱਚ ਹਰਜਿੰਦਰ ਕੌਰ ਦੇ ਮਾਤਾ ਪਿਤਾ ਕੁਲਦੀਪ ਕੌਰ ਅਤੇ ਸਾਹਿਬ ਸਿੰਘ ਤੋਂ ਇਲਾਵਾ ਉਸ ਦੇ ਕੋਚ ਪਰਮਜੀਤ ਸ਼ਰਮਾ ਨੂੰ ਵੀ ਸਨਮਾਨਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਹਰਜਿੰਦਰ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਜਿੰਦਰ ਨੇ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਦੇ ਜੰਮਿਆਂ ਲਈ ਤੰਗੀਆਂ ਤੁਰਸ਼ੀਆਂ ਵਾਲੀ ਜ਼ਿੰਦਗੀ ਵੀ ਕੋਈ ਅੜਚਣ ਨਹੀਂ ਬਣ ਸਕਦੀ। ਪੰਜਾਬ ਦੇ ਹਵਾ ਪਾਣੀ ਵਿੱਚ ਹੀ ਐਸੀ ਤਾਕਤ ਹੈ ਕਿ ਇਸ ਦੇ ਜਾਏ ਦੁਨੀਆ ਜਿੱਤਣ ਦੀ ਸਮਰਥਾ ਰਖਦੇ ਹਨ। ਉਨ੍ਹਾਂ ਇੱਥੇ ਹਾਜ਼ਰ ਹੋਰ ਨੌਜਵਾਨ ਖਿਡਾਰੀਆਂ ਨੂੰ ਕਿਹਾ ਕਿ ਸਭ ਨੂੰ ਉਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।

       
ਸਪੀਕਰ ਨੇ ਹਰਜਿੰਦਰ ਕੌਰ ਨੂੰ ਕਿਹਾ ਕਿ ਹੁਣ ਇਸ ਪ੍ਰਾਪਤੀ ਉਪਰੰਤ ਬਲਕਿ ਉਸ ਦੇ ਸਿਰ ਵੱਡੀ ਜ਼ਿੰਮੇਵਾਰੀ ਇਸ ਗੱਲ ਦੀ ਵੀ ਹੋ ਗਈ ਹੈ ਕਿ ਉਹ ਹੋਰਨਾਂ ਲੜਕੀਆਂ ਨੂੰ ਆਪਣੇ ਜਿਹੇ ਰਾਹਾਂ ਉੱਤੇ ਤੁਰਨ ਲਈ ਪ੍ਰੇਰਿਤ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਿਨ੍ਹਾਂ ਦੋ ਮੁੱਦਿਆਂ ਉੱਤੇ ਸਭ ਤੋਂ ਵਧੇਰੇ ਕੇਂਦਰਿਤ ਹੈ ਉਹ ਸਿੱਖਿਆ ਅਤੇ ਸਿਹਤ ਹਨ, ਇਸ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਪੰਜਾਬੀ ਯੂਨੀਵਰਸਿਟੀ ਵਿੱਚ ਖੇਡ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਅਤੇ ਖਿਡਾਰੀਆਂ ਨੂੰ ਹੋਰ ਉਤਸਾਹਿਤ ਕਰਨ ਲਈ ਲੋੜੀਂਦੀ ਵਿੱਤੀ ਸਹਾਇਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ਉੱਤੇ ਮੁੱਖ ਮੰਤਰੀ ਅਤੇ ਖੇਡ ਮੰਤਰੀ ਗੱਲ ਕਰਨਗੇ।  

ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਹਰਜਿੰਦਰ ਕੌਰ ਨੂੰ ਪੰਜਾਬੀ ਯੂਨੀਵਰਸਿਟੀ ਵਿੱਚ ਨੌਕਰੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਇਹ ਕਦਮ ਹੋਰਨਾਂ ਖਿਡਾਰੀਆਂ ਲਈ ਵੀ ਇੱਕ ਪ੍ਰੇਰਣਾ ਸਰੋਤ ਸਾਬਿਤ ਹੋਵੇਗਾ। ਉਨ੍ਹਾਂ ਹਰਜਿੰਦਰ ਕੌਰ ਦੇ ਕੋਚ, ਮਾਪਿਆਂ, ਪਿੰਡ, ਸੂਬੇ, ਮੁਲਕ ਅਤੇ ਖੇਡ ਵਿਭਾਗ ਨੂੰ ਵਧਾਈ ਦਿੰਦਿਆਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਹੀ ਪੇਂਡੂ, ਗਰੀਬ, ਲੜਕੀਆਂ ਅਤੇ ਪੱਛੜੇ ਵਰਗਾਂ ਦੇ ਸੁਪਨਿਆਂ ਦੀ ਪੂਰਤੀ ਲਈ ਇੱਕ ਢੁਕਵੀਂ ਥਾਂ ਹੈ। ਹਰਜਿੰਦਰ ਕੌਰ ਦੀ ਤਾਜ਼ਾ ਪ੍ਰਾਪਤੀ ਨੇ ਇਸ ਗੱਲ ਉੱਤੇ ਮੋਹਰ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗਰੀਬ ਕਦੇ ਕਮਜ਼ੋਰ ਨਹੀਂ ਹੁੰਦਾ।

ਇਹ ਗੱਲ ਪੰਜਾਬੀ ਯੂਨੀਵਰਸਿਟੀ ਦੇ ਆਪਣੇ ਉੱਤੇ ਵੀ ਲਾਗੂ ਹੁੰਦੀ ਹੈ। ਭਾਵੇਂ ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਆਪਣੀਆਂ ਵਿੱਤੀ ਮੁਸ਼ਕਿਲਾਂ ਸੰਬੰਧੀ ਚੁਣੌਤੀਆਂ ਨਾਲ ਨਜਿੱਠ ਰਹੀ ਹੈ ਪਰ ਪੰਜਾਬੀ ਯੂਨੀਵਰਸਿਟੀ ਵਿੱਚ ਤਾਕਤ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ਦੀਆਂ ਪ੍ਰਾਪਤੀਆਂ ਦੇ ਯੋਗ ਬਣਾ ਸਕਦੀ ਹੈ। ਹਰਜਿੰਦਰ ਦੀ ਪ੍ਰਾਪਤੀ ਇਸ ਗੱਲ ਦੀ ਗਵਾਹ ਹੈ। ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਖੇਡਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਕਰਨ ਲਈ ਬਹੁਤ ਮਿਹਨਤ ਅਤੇ ਹੁਨਰ ਦੀ ਜ਼ਰੂਰਤ ਹੁੰਦੀ ਹੈ। ਮੁਕਾਬਲੇ ਵਿੱਚ ਸਹੂਲਤਾਂ ਸੰਪੰਨ ਮੁਲਕਾਂ ਦੇ ਖਿਡਾਰੀਆਂ ਨਾਲ ਜਦੋਂ ਵਾਹ ਪੈਂਦਾ ਹੈ ਤਾਂ ਇਹ ਤਰਕ ਨਹੀਂ ਦਿੱਤਾ ਜਾ ਸਕਦਾ ਕਿ ਸਹੂਲਤਾਂ ਦੀ ਘਾਟ ਕਾਰਨ ਅਸੀਂ ਤਿਆਰੀ ਨਹੀਂ ਕਰ ਸਕੇ। ਹਰਜਿੰਦਰ ਕੌਰ ਨੇ ਆਪਣੀਆਂ ਬਹੁਤ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।

ਖੇਡ ਵਿਭਾਗ ਦੇ ਨਿਰਦੇਸ਼ਕ ਡਾ. ਗੁਰਦੀਪ ਕੌਰ ਰੰਧਾਵਾ ਨੇ ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਵਿੱਚ ਦਸਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਜਿੱਥੇ ਬਹੁਤ ਸਾਰੇ ਵਿਦਵਾਨ ਪੈਦਾ ਕੀਤੇ ਹਨ ਉੱਥੇ ਹੀ ਖੇਡਾਂ ਦੇ ਖੇਤਰ ਵਿੱਚ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਵਿੱਚ ਵੀ ਪੰਜਾਬੀ ਯੂਨੀਵਰਸਿਟੀ ਦਾ ਨਾਮ ਮੋਹਰੀ ਯੂਨੀਵਰਸਿਟੀਆਂ ਵਿੱਚ ਸ਼ੁਮਾਰ ਹੁੰਦਾ ਹੈ।  ਇਸ ਮੌਕੇ ਹਰਜਿੰਦਰ ਕੌਰ ਕਿਹਾ ਕਿ ਉਹ ਪੰਜਾਬੀ ਯੂਨੀਵਰਸਿਟੀ ਦੇ ਜਿਸ ਹਾਲ ਵਿੱਚ ਸਿਖਲਾਈ ਹਾਸਿਲ ਕਰਦੀ ਰਹੀ ਹੈ, ਉਸ ਦੀ ਹਾਲਤ ਖਸਤਾ ਹੈ। ਉਸ ਨੇ ਕਿਹਾ ਕਿ ਉਸ ਦੀ ਇੱਛਾ ਹੈ ਕਿ ਪੰਜਾਬ ਸਰਕਾਰ ਇਸ ਹਾਲ ਨੂੰ ਸਹੂਲਤ ਸੰਪੰਨ ਬਣਾਵੇ ਤਾਂ ਕਿ ਭਵਿੱਖ ਵਿੱਚ ਹੋਰ ਲੜਕੀਆਂ ਇਸ ਦਾ ਲਾਭ ਉਠਾ ਕੇ ਨਵੀਂਆਂ ਮੱਲਾਂ ਮਾਰ ਸਕਣ।

ਹਰਜਿੰਦਰ ਕੌਰ ਦੇ ਕੋਚ ਪਰਮਜੀਤ ਸ਼ਰਮਾ ਨੇ ਕਿਹਾ ਕਿ ਉਸ ਨੂੰ ਆਪਣੀ ਵਿਦਿਆਰਥੀ ਉੱਤੇ ਭਰੋਸਾ ਹੈ ਕਿ ਉਹ ਓਲਿੰਪਕ ਵਿੱਚ ਵੀ ਪ੍ਰਾਪਤੀਆਂ ਕਰੇਗੀ। ਉਸ ਨੇ ਦਸਿਆ ਕਿ ਸਿਖਲਾਈ ਦੌਰਾਨ ਹਰਜਿੰਦਰ ਕੌਰ ਜੋ ਰਿਕਾਰਡ ਬਣਾ ਚੁੱਕੀ ਹੈ ਜੇਕਰ ਉਹ ਉਸੇ ਰਿਕਾਰਡ ਨੂੰ ਓਲਿੰਪਕ ਵਿੱਚ ਦੁਹਰਾ ਦਿੰਦੀ ਹੈ ਤਾਂ ਉਸ ਦਾ ਓਲਿੰਪਕ ਵਿੱਚ ਗੋਲਡ ਮੈਡਲ ਆ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ਖੇਡ ਨੀਤੀ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਪਹਿਲਾਂ ਹੀ 40 ਲੱਖ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਜਾ ਚੁੱਕਾ ਹੈ।


Source link

About admin

Check Also

IPL 2023: ਗੁਜਰਾਤ ਦੇ ਦਿੱਗਜ ਗੇਂਦਬਾਜ਼ ਦਾ ਵੱਡਾ ਬਿਆਨ

R Sai Kishore On Hardik Pandya-MS Dhoni: ਗੁਜਰਾਤ ਟਾਈਟਨਸ ਦੇ ਸਪਿਨਰ ਆਰ ਸਾਈਂ ਕਿਸ਼ੋਰ (R …

Leave a Reply

Your email address will not be published.

March 2023
M T W T F S S
 12345
6789101112
13141516171819
20212223242526
2728293031