ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੇ ਨਵਾਂਸ਼ਹਿਰ ਵਿੱਚ ਐਤਵਾਰ ਨੂੰ ਇੱਕ ਟਰੱਕ ਵਿੱਚੋਂ 38 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਬਰਾਮਦਗੀ ਗੁਜਰਾਤ ਤੋਂ ਆਏ ਇੱਕ ਟਰੱਕ ਵਿੱਚੋਂ ਹੋਈ ਹੈ। ਹੈਰੋਇਨ ਨੂੰ ਟਰੱਕ ਦੇ ਟੂਲ ਬਾਕਸ ਵਿੱਚ ਛੁਪਾ ਕੇ ਲਿਆਂਦਾ ਜਾ ਰਿਹਾ ਸੀ। ਇਸ ਸਬੰਧੀ ਪੰਜਾਬ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਵਿਦੇਸ਼ ਵਿੱਚ ਰਹਿੰਦੇ ਗੈਂਗਸਟਰ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ।
ਪੰਜਾਬ ਵਿੱਚ ਵਾਇਆ ਗੁਜਰਾਤ ਹੈਰੋਇਨ ਆਉਣ ਉੱਪਰ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਹੈ ਕਿ ਗੁਜਰਾਤ ‘ਚ ਇੰਨੇ ਵੱਡੇ ਪੱਧਰ ‘ਤੇ ਡਰੱਗ ਕੌਣ ਲਿਆ ਰਿਹਾ ਹੈ?
ਕੇਜਰੀਵਾਲ ਨੇ ਪੁੱਛਿਆ- ਧੰਦੇ ਦਾ ਮਾਲਕ ਕੌਣ ਹੈ?
गुजरात में इतने बड़े स्तर पे ड्रग्स कौन ला रहा है? इस धंधे का मालिक कौन है? सोचिए कितना रोज़ बिना पकड़े निकल रहा होगा। क्या इतने बड़े स्तर पे ड्रग्स का धंधा टॉप के लोगों की मिलीभगत बिना संभव है? आप देश के युवा को अंधकार में धकेल रहे हैं https://t.co/MkjyveMADV
— Arvind Kejriwal (@ArvindKejriwal) August 28, 2022
ਪੰਜਾਬ ਵਿੱਚੋਂ ਫੜੀ ਗਈ ਗੁਜਰਾਤ ਤੋਂ ਆਈ ਹੈਰੋਇਨ
ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਕੁਲਵਿੰਦਰ ਨੇ ਦੱਸਿਆ ਕਿ ਰਾਜੇਸ਼ ਨੇ ਉਸ ਨੂੰ ਗੁਜਰਾਤ ਦੇ ਭੁਜ ਤੋਂ ਹੈਰੋਇਨ ਲਿਆਉਣ ਲਈ ਕਿਹਾ ਸੀ। ਉਸ ਨੇ ਦੱਸਿਆ ਕਿ ਉਹ ਜਨਵਰੀ ਮਹੀਨੇ ਸ੍ਰੀਨਗਰ ਤੋਂ 30 ਕਿਲੋ ਹੈਰੋਇਨ ਲੈ ਕੇ ਆਇਆ ਸੀ। ਪੁਲਿਸ ਨੇ ਦੱਸਿਆ ਕਿ ਉਸ ਤੋਂ ਬਾਅਦ ਉਹ ਦਿੱਲੀ ਤੋਂ ਇੱਕ ਕਿਲੋ ਹੈਰੋਇਨ ਵੀ ਲੈ ਕੇ ਆਇਆ ਸੀ। ਪੁਲਿਸ ਅਨੁਸਾਰ ਰਾਜੇਸ਼ ਅਤੇ ਸੋਮਨਾਥ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।
ਸਮੁੰਦਰ ਰਸਤੇ ਗੁਜਰਾਤ ਲਿਆਂਦੀ ਗਈ ਸੀ ਡਰੱਗ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਨਸ਼ਾ ਤਸਕਰ ਰਾਜੇਸ਼ ਸੋਨੂੰ ਆਪਣੇ ਸਾਥੀਆਂ ਸੋਮਨਾਥ ਬਿੱਕੂ, ਕੁਲਵਿੰਦਰ ਕਿੰਦਾ ਤੇ ਬਿੱਟੂ ਨਾਲ ਮਿਲ ਕੇ ਹੈਰੋਇਨ ਦੀ ਤਸਕਰੀ ਕਰਦਾ ਹੈ। ਉਹ ਬਾਹਰੋਂ ਹੈਰੋਇਨ ਟਰੱਕ ਵਿੱਚ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦਾ ਹੈ। ਇਹ ਡਰੱਗ ਸਮੁੰਦਰੀ ਰਸਤੇ ਗੁਜਰਾਤ ਦੇ ਭੁਜ ਤੱਕ ਲਿਆਂਦੀ ਗਈ ਸੀ ਤੇ ਉਥੋਂ ਟਰੱਕ ਰਾਹੀਂ ਪੰਜਾਬ ਲਿਆਂਦੀ ਜਾ ਰਹੀ ਸੀ।