ਚੰਡੀਗੜ੍ਹ : ਆਯੂਸ਼ਮਾਨ ਸਕੀਮ ਤਹਿਤ ਪੀਜੀਆਈ ਚੰਡੀਗੜ੍ਹ ਤੇ ਪੰਜਾਬ ਦੇ ਹਸਪਤਾਲਾਂ ਵਿੱਚ ਇਲਾਜ ਬੰਦ ਹੋਣ ਮਗਰੋਂ ਪੰਜਾਬ ਸਰਕਾਰ ਨੇ ਬਕਾਇਆ ਫੰਡ ਜਾਰੀ ਕਰ ਦਿੱਤੇ ਹਨ। ‘ਆਮ ਆਦਮੀ ਪਾਰਟੀ’ ਨੇ ਦਾਅਵੀ ਕੀਤਾ ਹੈ ਕਿ ਹਸਪਤਾਲਾਂ ਨੂੰ 60 ਫ਼ੀਸਦੀ ਫੰਡ ਰਾਸ਼ੀ ਜਾਰੀ ਹੋ ਚੁੱਕੇ ਹਨ ਤੇ ਰਹਿੰਦਾ ਬਕਾਇਆ ਵੀ ਬਹੁਤ ਜਲਦ ਜਾਰੀ ਹੋ ਜਾਵੇਗਾ। ਮੀਡੀਆ ਰਿਪੋਰਟ ਸ਼ੇਅਰ ਕਰਦਿਆਂ ਆਮ ਆਦਮੀ ਪਾਰਟੀ ਨੇ ਟਵੀਟ ਕੀਤਾ ਹੈ ਕਿ ਮਾਨ ਸਰਕਾਰ ਨੇ ਆਯੂਸ਼ਮਾਨ ਸਕੀਮ ਤਹਿਤ PGI ਸਮੇਤ ਪੰਜਾਬ ਦੇ 920 ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ 85 ਕਰੋੜ ਰੁਪਏ ਜਾਰੀ ਕੀਤੇ। ਹਸਪਤਾਲਾਂ ਨੂੰ 60 ਫ਼ੀਸਦੀ ਫੰਡ ਰਾਸ਼ੀ ਜਾਰੀ ਹੋ ਚੁੱਕੀ ਹੈ, ਰਹਿੰਦਾ ਬਕਾਇਆ ਵੀ ਬਹੁਤ ਜਲਦ ਜਾਰੀ ਹੋਵੇਗਾ।
ਮਾਨ ਸਰਕਾਰ ਨੇ ਆਯੂਸ਼ਮਾਨ ਸਕੀਮ ਤਹਿਤ PGI ਸਮੇਤ ਪੰਜਾਬ ਦੇ 920 ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ₹85 ਕਰੋੜ ਜਾਰੀ ਕੀਤੇ।
ਹਸਪਤਾਲਾਂ ਨੂੰ 60% ਫੰਡ ਰਾਸ਼ੀ ਜਾਰੀ ਹੋ ਚੁੱਕੀ ਹੈ, ਰਹਿੰਦਾ ਬਕਾਇਆ ਵੀ ਬਹੁਤ ਜਲਦ ਜਾਰੀ ਹੋਵੇਗਾ pic.twitter.com/ZySwURy0T6
— AAP Punjab (@AAPPunjab) August 8, 2022
ਸੈਂਕੜੇ ਪ੍ਰਾਈਵੇਟ ਹਸਪਤਾਲਾਂ ਵਿੱਚ ‘ਆਯੂਸ਼ਮਾਨ ਸਕੀਮ’ ਤਹਿਤ ਮਰੀਜ਼ਾਂ ਦਾ ਇਲਾਜ ਠੱਪ
ਦੱਸ ਦਈਏ ਕਿ ਪੀਜੀਆਈ ਤੋਂ ਇਲਾਵਾ ਪੰਜਾਬ ਦੇ ਸੈਂਕੜੇ ਪ੍ਰਾਈਵੇਟ ਹਸਪਤਾਲਾਂ ਵਿੱਚ ‘ਆਯੂਸ਼ਮਾਨ ਸਕੀਮ’ ਤਹਿਤ ਮਰੀਜ਼ਾਂ ਦਾ ਇਲਾਜ ਠੱਪ ਹੋ ਗਿਆ ਸੀ। ਇਸ ਸਕੀਮ ਵਾਲੇ ਗ਼ਰੀਬ ਤੇ ਲੋੜਵੰਦ ਮਰੀਜ਼ਾਂ ਲਈ ਪ੍ਰਾਈਵੇਟ ਹਸਪਤਾਲਾਂ ਨੇ ਬੂਹੇ ਬੰਦ ਕਰ ਲਏ ਸੀ। ਪੰਜਾਬ ਸਰਕਾਰ ਵੱਲੋਂ ਇਸ ਸਕੀਮ ਤਹਿਤ ਮਰੀਜ਼ਾਂ ਦੇ ਇਲਾਜ ਬਦਲੇ ਪ੍ਰਾਈਵੇਟ ਹਸਪਤਾਲਾਂ ਦੀ ਕਰੀਬ 260 ਕਰੋੜ ਦੀ ਰਾਸ਼ੀ ਜਾਰੀ ਨਹੀਂ ਕੀਤੀ ਗਈ ਸੀ। ਇੱਕ ਅੰਦਾਜ਼ੇ ਅਨੁਸਾਰ ਪੰਜਾਬ ਦੇ ਕਰੀਬ 500 ਪ੍ਰਾਈਵੇਟ ਹਸਪਤਾਲਾਂ ਨੇ ਮਰੀਜ਼ਾਂ ਨੂੰ ਇਸ ਸਕੀਮ ਤਹਿਤ ਇਲਾਜ ਦੇਣਾ ਬੰਦ ਕਰ ਦਿੱਤਾ ਸੀ।
ਕੀ ਹੈ ‘ਆਯੂਸ਼ਮਾਨ ਸਕੀਮ’?
‘ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਸਕੀਮ’ 20 ਅਗਸਤ 2019 ਨੂੰ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਪੰਜਾਬ ਵਿੱਚ 39.18 ਲੱਖ ਪਰਿਵਾਰਾਂ ਦਾ ਇਸ ਸਕੀਮ ਤਹਿਤ ਇਲਾਜ ਕਰਨਾ ਸੀ। ਕਰੀਬ 65 ਫ਼ੀਸਦੀ ਆਬਾਦੀ ਇਸ ਬੀਮਾ ਸਕੀਮ ਦਾ ਫ਼ਾਇਦਾ ਲੈਣ ਦੇ ਯੋਗ ਸੀ। ਇਨ੍ਹਾਂ ਵਿੱਚੋਂ 14.65 ਲੱਖ ਪਰਿਵਾਰਾਂ ਨੂੰ ਸਿਹਤ ਬੀਮਾ ਸਕੀਮ ਲਈ 60 ਫ਼ੀਸਦੀ ਰਾਸ਼ੀ ਕੇਂਦਰ ਸਰਕਾਰ ਵੱਲੋਂ ਅਦਾ ਕੀਤੀ ਜਾਂਦੀ ਹੈ ਜਦੋਂਕਿ ਬਾਕੀ 24.53 ਲੱਖ ਪਰਿਵਾਰਾਂ ਦੀ ਰਾਸ਼ੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ।